Drop Down

Tuesday, April 24, 2018

ਮੇਰੀ ਪੱਗ ...ਮੇਰੀ ਸ਼ਾਨ

ਜੱਜ ਸਾਬ

ਜੱਜ ਸਾਬ ਜਦੋਂ ਮੈਂ ਕਾਰਗਿਲ ਦੀ ਲੜਾਈ ਚ ਟਾਈਗਰ ਹਿਲ ਤੇ ਲੜ ਰਿਹਾ ਸੀ ਤਾਂ ਮੈਂ ਪੱਗ ਬੱਧੀ ਹੋਈ ਸੀ। ਜੱਜ ਸਾਬ ਜਦੋਂ ਮੈਂ ਪਾਰਲੀਮੈਂਟ ਚ RTI ਐਕਟ ਪਾਸ ਕਰ ਰਿਹਾ ਸੀ ਤਦ ਵੀ ਮੈਂ ਪੱਗ ਬੱਧੀ ਸੀ। ਜਦੋਂ ਮੈਂ ਯੋਜਨਾ ਕਮਿਸ਼ਨ ਦੇ ਸਿਖਰਲੇ ਥਾਂ ਤੇ ਬਹਿ ਕੇ ਇੰਡੀਆ ਸ਼ਾਈਨਿੰਗ ਲਿਖ ਰਿਹਾ ਸੀ ਤਾਂ ਵੀ ਮੈਂ ਪੁੱਠੀ ਪੱਗ ਬੱਧੀ ਸੀ।
ਜਿੱਦਣ ਤੁਸੀਂ ਪੈਹਠ ਦੀ ਲੜਾਈ ਚ ਬਿਨਾਂ ਲੜਿਆ ਬਿਆਸ ਦੇ ਕੰਢੇ ਮੁੜ ਆਉਣ ਲੱਗੇ ਸੀ ਤਾਂ ਰੜੇ ਮੈਦਾਨ ਮੈਂ ਪੱਗ ਬੰਨ੍ਹ ਖਲੋ ਗਿਆ ਸੀ ਪੈਂਟਨ ਟੈਂਕਾਂ ਸਾਹਵੇਂ। ਤੇ ਫੌਜਾਂ ਵਾਪਸ ਲਹੌਰ ਧੱਕ ਆਇਆ ਸੀ ਉੱਦਣ ਵੀ ਮੈਂ ਪੱਗ ਬੱਧੀ ਸੀ। ਜਿੱਦਣ ਕੱਤਰ ਦੀ ਲੜਾਈ ਚ ਜਰਨਲ ਨਿਆਜੀ ਨੇ ਆਪਣਾ ਖਾਲੀ ਪਿਸਤੌਲ ਮੇਰੇ ਅੱਗੇ ਸਰੈਂਡਰ ਕੀਤਾ ਸੀ ਤਾਂ ਮੈਂ ਪੱਗ ਬੱਧੀ ਹੋਈ ਸੀ। 1962 ਚ ਜਦੋਂ ਤੁਹਾਡੇ ਪੁਰਖੇ ਬਾਡਰ ਤੋਂ ਨੱਠ ਪਏ ਸੀ ਤਾਂ ਉੱਥੇ ਹਿੱਕ ਡਾਹ ਕੇ ਲੜ ਮਰਨ ਵੇਲੇ ਮੈਂ ਪੱਗ ਬੱਧੀ ਸੀ।
1947 ਤੋਂ ਪਹਿਲਾਂ ਜਦੋਂ ਮੈਂ ਕਾਲੇ ਪਾਣੀ ਗਿਆ ਸੀ। ਜਲਿਆਂ ਵਾਲੇ ਬਾਗ ਮਰਿਆ ਸੀ ਤੇ ਬਜਬਜ ਘਾਟ ਤੇ ਲੜਿਆ ਸੀ ਤਾਂ ਮੇਰੇ ਪੱਗ ਬੱਝੀ ਸੀ। ਜਦੋਂ ਮੈਂ ਅਫਗਾਨ ਧਾੜਵੀਆਂ ਨਾਲ ਲੜਿਆ ਸੀ ਤਾਂ ਮੇਰੇ ਪੱਗ ਬੱਝੀ ਸੀ। ਜਦੋਂ ਮੈਂ ਨੀਹਾਂ ਚ ਚਿਣਿਆ ਸੀ ਤਾਂ ਵੀ ਮੇਰੇ ਪੱਗ ਬੱਝੀ ਸੀ।

ਮੈਂ ਤੁਹਾਥੋਂ ਅੱਕ ਕੇ ਜਦੋਂ ਜਹਾਜੇ ਚੜਿਆ ਸੀ ਤਾਂ ਵੀ ਮੇਰੇ ਪੱਗ ਬੱਝੀ ਸੀ। ਮੈਂ ਤਮਾਮ ਦੁਨੀਆਂ ਚ ਵੱਸਿਆ ਤਾਂ ਮੇਰੇ ਪੱਗ ਬੱਝੀ ਸੀ।
ਮੈਂ ਪੱਗ ਜੰਮਣ ਤੋਂ ਮਰਨ ਤੱਕ ਬੰਨਦਾਂ ਆ। ਮੈਂ ਸਵੇਰੇ ਉੱਠਣ ਤੋਂ ਰਾਤ ਮੰਜੇ ਤੇ ਡਿੱਗਣ ਤੱਕ ਪੱਗ ਬੰਨਦਾਂ ਆ।

ਜੱਜ ਸਾਬ ਮੇਰੀ ਪੱਗ ਵੱਲ ਤੇਰਾ ਵਧਦਾ ਹੱਥ ਮੈਨੂੰ ਦਿਖ ਰਿਹਾ ਹੈ। ਮੈਂ ਪੱਗ ਤੋਂ ਬਿਨਾਂ ਜਿਊਣਾ ਨਹੀਂ ਜਾਣਦਾ। ਤੇ ਮੈਂ ਬਿਨਾਂ ਲੜਿਆ ਮਰਨਾ ਵੀ ਨਹੀਂ ਜਾਣਦਾ। ਅੱਜ ਸਾਰੀ ਦੁਨੀਆਂ ਮੈਨੂੰ ਪੱਗ ਨਾਲ ਕਬੂਲਦੀ ਆ ਜੇ ਤੂੰ ਨਾਂ ਕਬੂਲੇਂ ਤਾਂ ਮੈਨੂੰ ਫਰਕ ਨਹੀਂ ਪੈਂਦਾ।

ਆਖਿਰ ਚ ਸੱਜਣ ਸਿੰਘ ਰੰਗਰੂਟ ਵਾਲੀ ਗੱਲ ਕਿ ਜਿਹੜੇ ਪੱਗ ਬੰਨਣੀ ਜਾਣਦੇ ਨੇ ਉਹ ਪੱਗ ਸਾਂਭਣੀ ਵੀ ਜਾਣਦੇ ਨੇ।
ਮਿਹਰਬਾਨੀ।
ਸ਼ੁਕਰਾਨ

No comments:

Post a Comment

Thanx For Comments
~SIKH47~